Punjabi Essay on “Punjab De Mele, “ਪੰਜਾਬ ਦੇ ਮੇਲੇ” Punjabi Essay, Paragraph, Speech for Class 7, 8, 9, 10, and 12 Students in Punjabi Language.

ਪੰਜਾਬ ਦੇ ਮੇਲੇ

Punjab De Mele

ਪੰਜਾਬੀ ਸੁਭਾਅ ਵਜੋਂ ਰੰਗੀਲਾ ਹੈ।ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੇ ਅਖਾਣ ਅਨੁਸਾਰ ਇਹ ਨਿੱਤ ਸਾਹਮਣੇ ਆਉਂਦੀਆਂ ਮੁਸੀਬਤਾਂ ਨਾਲ ਜੂਝਦਾ ਹੋਇਆ ਵੀ ਆਪਣਾ ਵਿਹਲਾ ਸਮਾਂ ਸੋਗ ਵਿੱਚ ਜਾਂ ਸੋਚਾਂ ਸੋਚਦਿਆਂ ਨਹੀਂ ਸਗੋਂ ਨੱਚਦਿਆਂ-ਟੱਪਦਿਆਂ, ਹੱਸਦਿਆਂ-ਖੇਡਦਿਆਂ ਅਤੇ ਗਾਉਂਦਿਆਂਵਜਾਉਂਦਿਆਂ ਬਤੀਤ ਕਰਦਾ ਆਇਆ ਹੈ। ਇਹ ਜਮਾਂਦਰੂ ਹੀ ਹਸਮੁੱਖ, ਖੁੱਲ੍ਹਾ-ਖੁਲਾਸਾ ਤੇ ਅਲਬੇਲਾ ਹੈ । ਇਹ ਖੁਸ਼ੀਆਂ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਸਮੇਂ ਸਮੇਂ ਲੱਗੇ ਮੇਲਿਆਂ ਵਿੱਚ ਵਿਸ਼ੇਸ਼ ਤੌਰ ਤੇ ਸਕਾਰ ਹੁੰਦੀਆਂ ਹਨ।ਵੇਖੋ ਕਿਵੇਂ ਹੇਠਾਂ ਦਿੱਤੇ ਲੋਕ-ਗੀਤ ਦੇ ਬੰਦ ਵਿੱਚ ਪੰਜਾਬੀ ਗੱਭਰੂ ਆਪਣੀ ਪਤਨੀ ਨੂੰ ਮੇਲੇ ਜਾਣ ਲਈ ਮਨਾਉਂਦਾ ਹੋਇਆ ਕਹਿੰਦਾ ਹੈ :

 

ਚੱਲ ਚਲੀਏ ਜਰਗ ਦੇ ਮੇਲੇ,

ਮੁੰਡਾ ਤੇਰਾ ਮੈਂ ਚੁਕ ਲਊਂ

 

ਜੋਬਨ-ਮੱਤੀ ਪਤਨੀ ਵੀ ਆਪਣੇ ਪਤੀ ਨੂੰ ਇਸੇ ਸੁਰ ਵਿੱਚ ਕਹਿੰਦੀ ਹੋਈ ਦਿੱਸਦੀ ਹੈ :

 

ਮੇਰੀ ਚੁੰਨੀ ਪੀਲੇ ਰੰਗ ਦੀ, ਤੇਰੇ ਸਿਰ ਤੇ ਸੁਨਹਿਰੀ ਚੀਰਾ

ਮੇਲੇ ਮੁਕਸਰ ਦੇ, ਚੱਲ ਚਲੀਏ ਨਣਦ ਦਿਆ ਵੀਰਾ

 

ਮਹੱਤਤਾ ਵਜੋਂ, ਮੇਲੇ ਮੁੱਖ ਤੌਰ ਤੇ ਦੋ ਪ੍ਰਕਾਰ ਦੇ ਹੁੰਦੇ ਹਨ-ਸਥਾਨਕ ਤੇ ਤਕ (ਸਥਾਨਕ ਮੇਲਿਆਂ ਦੀ ਮਹੱਤਤਾ ਕੇਵਲ ਇੱਕ ਵਿਸ਼ੇਸ਼ ਸੀਮਤ ਇਲਾਕੇ ਵਿੱਚ ਹੀ ਹੁੰਦੀ ਹੈ ਜਿਵੇਂ ਬਟਾਲੇ ਵਿੱਚ ਬਾਬੇ ਨਾਨਕ ਦੇ ਵਿਆਹ ਦਾ ਮੇਲਾ ਜਾਂ ਸਤੀ ਲੱਛਮੀ ਸਮਾਰਕ ਦਾ ਮੇਲਾ।ਜਿਨ੍ਹਾਂ ਮੇਲਿਆਂ ਦੀ ਮਹੱਤਤਾ ਸਮੁੱਚੇ ਪ੍ਰਾਂਤ ਵਿੱਚ ਹੋਏ, ਉਨ੍ਹਾਂਨੂੰ ਆਂਤਕ ਮੇਲੇ ਆਖਿਆ ਜਾਂਦਾ ਹੈ , ਜਿਵੇਂ ਪੰਜਾਬ ਵਿੱਚ ਵਿਸਾਖੀ ਦਾ ਮੇਲਾ ਭਾਵੇਂ ਇਹ ਮੇਲਾ ਹੋਰ ਪ੍ਰਾਂਤਾਂ ਵਿੱਚ ਵੀ ਮਨਾਇਆਜਾਂਦਾ ਹੈ, ਪਰ ਜਿੰਨੀ ਸ਼ਾਨ ਤੇ ਧੂਮਧਾਮ ਨਾਲ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਸ਼ਾਇਦ ਹੋਰ ਕਿਸੇ ਪ੍ਰਾਂਤ ਵਿੱਚ ਨਹੀਂ।

ਗਹੁ ਨਾਲ ਵਿਚਾਰੀਏ ਤਾਂ ਪਤਾ ਲੱਗਦਾ ਹੈ ਕਿ ਵਪਾਰਕ ਮੇਲੇ ਸਭ ਮੇਲਿਆਂ ਦੀਆਂ ਨੀਹਾਂ ਹਨ। ਪਹਿਲਾਂ ਪਹਿਲ ਅਵਿਕਸਤ ਆਵਾਜਾਈ ਦੇ ਸਾਧਨਾਂ ਕਰਕੇ ਲੋਕਾਂ ਨੂੰ ਆਪਸ ਵਿੱਚ ਮਿਲਣ-ਗਿਲਣ ਦਾ ਅਵਸਰ ਘੱਟ ਮਿਲਦਾ ਸੀ, ਵਪਾਰ ਵੀ ਬਹੁਤ ਉੱਨਤ ਨਹੀਂ ਸੀ।ਇਸ ਕਰਕੇ ਕਈ ਮੇਲੇ ਮੰਡੀਆਂ ਦੀ ਥੁੜ ਨੂੰ ਪੂਰਿਆਂ ਕਰਨ ਲਈ ਮਨਾਏ ਜਾਂਦੇ ਸਨ।ਇਨ੍ਹਾਂ ਵਿੱਚ ਵਸਤੂ-ਵਟਾਂਦਰੇ ਦੇ ਨਾਲ ਨਾਲ ਵਿਚਾਰਵਟਾਂਦਰਾ ਵੀ ਹੋਇਆ ਕਰਦਾ ਸੀ।ਇਸ ਤਰ੍ਹਾਂ ਮੇਲੇ ਮਿਲਣ-ਜੁਲਣ ਅਤੇ ਜਾਣਕਾਰੀ ਵਧਾਉਣ ਦਾ ਸਾਧਨ ਵੀ ਬਣ ਗਏ।ਅੱਜ ਕੱਲ੍ਹ ਵੀ ਕਈ ਥਾਵਾਂ ਤੇ ਅਜਿਹੇ ਮੇਲੇ ਲੱਗਦੇ ਹਨ। ਅਜਿਹੇ ਮੇਲਿਆਂ ਨੂੰ ਮੰਡੀ ਦਾ ਮੇਲਾ ਵੀ ਕਿਹਾ ਜਾਂਦਾ ਹੈ। ਆਮ ਤੌਰ ਤੇ ਇਨ੍ਹਾਂ ਮੰਡੀ-ਮੇਲਿਆਂ ਵਿੱਚ ਡੰਗਰਾਂ ਦਾ ਵਪਾਰ -ਵਧੇਰੇ ਹੁੰਦਾ ਹੈ ਪਰ ਵਪਾਰ ਦੇ ਨਾਲ ਨਾਲ ਮੇਲੀ ਖ਼ੁਸ਼ੀਆਂ ਮਨਾਉਂਦੇ ਹੋਏ ਖਾਂਦੇ-ਪੀਂਦੇ ਤੇ ਹੱਸਦੇ-ਖੇਡਦੇ ਹਨ।

ਪੰਜਾਬ ਵਿੱਚ ਧਾਰਮਕ ਮੇਲੇ ਵੀ ਲੱਗਦੇ ਹਨ। ਇਹ ਉਹ ਮੇਲੇ ਹਨ ਜਿਹੜੇ ਕਿਸੇ ਦੇਵੀ-ਦੇਵਤੇ, ਸਾਧੂ-ਸੰਤ ਜਾਂ ਪੀਰ-ਫ਼ਕੀਰ ਦੀ ਯਾਦ ਵਿੱਚ ਮਨਾਏ ਜਾਂਦੇ ਹਨ। ਅੰਮ੍ਰਿਤਸਰ, ਫ਼ਤਿਹਗੜ੍ਹ ਅਤੇ ਰਾਮ ਤੀਰਥ ਆਦਿ ਥਾਵਾਂ ਤੇ ਇਸ ਪ੍ਰਕਾਰ ਦੇ ਮੇਲੇ ਲੱਗਦੇ ਹਨ। ਪੰਜਾਬ ਦੇ ਕਈ ਪਿੰਡਾਂ ਵਿੱਚ ਸਾਧੂ-ਸੰਤ ਡੇਟਾ ਜਮਾਈ ਬੈਠੇ ਹਨ ਉਹ ਸਾਲ ਵਿੱਚ ਇੱਕ ਜਾਂ ਦੋ ਵਾਰ ਆਪਣੇ ਡੇਰੇ ਤੇ ਜ਼ਰੂਰ ਮੇਲਾ ਲਵਾਉਂਦੇ ਹਨ। ਇਸ ਵਿਚ ਕੋਈ ਸੰਦੇਹ ਨਹੀਂ ਕਿ ਇਨਾਂ ਧਾਰਮਕ ਮੇਲਿਆਂ ਦੀ ਬਹੁਤ ਮਹਾਨਤਾ ਹੈ ਕਿਉਂਕਿ ਇਹ ਲੋਕਾਂ ਨੂੰ ਧਰਮ ਤੇ ਚੱਲਣ ਦੀ ਚਿਤਾਵਨੀ ਦੇਂਦੇ ਹਨ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਧਰਮ ਪ੍ਰਤੀ ਵਧਦੀ ਸ਼ਰਧਾ ਤੋਂ ਲਾਭ ਉਠਾਉਂਦਿਆਂ ਹੋਇਆਂ ਧਰਮ ਦੇ ਠੇਕੇਦਾਰ ਆਮ ਜਨਤਾ ਨੂੰ ਵਹਿਮਾਂ-ਭਰਮਾਂ ਵਿੱਚ ਫ਼ਸਾਈ ਰੱਖਦੇ ਹਨ। ਗੂਗੇ ਪੀਰ ਦਾ ਮੇਲਾ ਤਾਂ ਵਹਿਮਾਂ-ਭਰਮਾਂ ਦੀ ਅਤਿ ਦਾ ਸੂਚਕ ਹੈ। ਲੋਕ ਸੱਪ ਨੂੰ ਪੂਜਦੇ ਹਨ, ਉਸ ਨੂੰ ਸ਼ੱਕਰ-ਸੇਵੀਆਂ ਤੇ ਕੱਚੀ ਲੱਸੀ ਆਦਿ ਚੜ੍ਹਾਉਂਦੇ ਹਨ ਤਾਂ ਜੋ ਗੂਗਾ ਪੀਰ (ਸੱਪ) ਉਨ੍ਹਾਂ ਦੀਆਂ ਮਨੋ-ਕਾਮਨਾਵਾਂ ਪੂਰੀਆਂ ਕਰੇ।

ਪੰਜਾਬ ਵਿੱਚ ਕਈ ਮੇਲੇ ਰੁੱਤ-ਬਦਲੀ ਕਾਰਨ ਮਨਾਏ ਜਾਂਦੇ ਹਨ, ਜਿਵੇਂ ਕਿ ਬਸੰਤ ਰੁੱਤ ਦੇ ਸੁਆਗਤ ਵਿੱਚ ‘ਬਸੰਤ ਦਾ ਮੇਲਾ ਮਨਾਇਆ ਜਾਂਦਾ ਹੈ।ਇਸ ਮੇਲੇ ਵਿੱਚ ਲੋਕੀਂ ਪੀਲੇ ਰੰਗ ਦੇ ਕੱਪੜੇ ਪਾਉਂਦੇ ਅਤੇ ਪੀਲੇ ਰੰਗ ਦੇ ਖਾਣੇ ਖਾਂਦੇ ਹਨ, ਬਾਹਰ ਸਰੋਂ ਦੇ ਪੀਲੇ ਫੁੱਲ ਖਿੜੇ ਹੋਏ ਹੁੰਦੇ ਹਨ, ਮਾਨੋ ਬਸੰਤ ਦੇ ਆਉਣ ਤੇ ਅੰਦਰ-ਬਾਹਰ ਪੀਲੇ ਰੰਗ ਨਾਲ ਭਰ ਜਾਂਦਾ ਹੈ। ਇਸੇ ਤਰ੍ਹਾਂ ਸਾਵਣ ਦੀ ਖ਼ੁਸ਼ੀ ਵਿੱਚ ‘ਤੀਆਂ ਦਾ ਮੇਲਾ ਲੱਗਦਾ ਹੈ। ਕੁੜੀਆਂ-ਮੁੰਡੇ ਪੀਂਘਾਂ ਝੂਟਦੇ, ਗਿੱਧੇ ਪਾਉਂਦੇ ਅਤੇ ਨੱਚਦੇ ਟੱਪਦੇ ਹਨ।ਘਰ ਖੀਰਾਂ-ਪੂੜੇ ਪੱਕਦੇ ਹਨ। ਗੀਤਾਂ ਦੀਆਂ ਅਵਾਜ਼ਾਂ ਅਕਾਸ਼ ਨੂੰ ਨਸ਼ਿਆ ਕੇ ਰੱਖ ਦੇਂਦੀਆਂ ਹਨ:

ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ

ਇਕੋ ਜਿਹੀਆਂ ਮੁਟਿਆਰਾਂ

ਗਲੀਂ ਉਨ੍ਹਾਂ ਦੇ ਝੱਗੇ ਰੇਸ਼ਮੀ

ਤੇੜ ਨਵੀਆਂ ਸਲਵਾਰਾਂ

ਸੁਹਣੀਆਂ ਇਉਂ ਨੱਚਣ

ਜਿਉਂ ਹਿਰਨਾਂ ਦੀਆਂ ਡਾਰਾਂ

ਵਿਸਾਖੀ ਦਾ ਮੇਲਾਵੀ ਰੁੱਤ-ਬਦਲੀ ਨਾਲ ਸਬੰਧਤ ਹੈ।ਇਸ ਸਮੇਂ ਸਰਦੀ ਬਿਲਕੁਲ ਖ਼ਤਮ ਹੋ ਜਾਂਦੀ ਹੈ, ਗੁਰਮੀਤੇਜ਼ ਕਦਮ ਪੁੱਟਣ ਲੱਗਦੀ ਹੈ ਅਤੇ ਕਣਕਾਂ ਪੱਕ ਜਾਂਦੀਆਂ ਹਨ।ਆਪਣੀ ਅਣਥੱਕ ਮਿਹਨਤ ਨੂੰ ਸਿਰੇ ਚੜ੍ਹੀ ਵੇਖ ਕੇ ਕਿਸਾਨ ਦਾ ਦਿਲ ਖੁਸ਼ੀਆਂ ਨਾਲ ਗਦ-ਗਦ ਹੋ ਉੱਠਦਾ ਹੈ। ਉਹ ਢੋਲ ਦੀ ਤਾਲ ਨਾਲ ਤਾਲ ਮੇਲ ਕੇ ਭੰਗੜਾ ਪਾਉਂਦਾ ਹੋਇਆ ਗਾਉਂਦਾ ਹੈ:

ਬਾਰੀਂ ਬਰਸੀਂ ਖੱਟਣ ਗਿਆ ਸੀ

ਖੱਟ ਕੇ ਲਿਆਂਦਾ ਹਾਸਾ,

ਭੰਗੜਾ ਬਣਾਉਣ ਵਾਲਿਆ

ਤੇਰਾ ਸੁਰਗਾਂ ਦੇ ਵਿੱਚ ਵਾਸਾ

ਪੰਜਾਬ ਵਿੱਚ ਇਤਿਹਾਸਕ ਜਾਂ ਮਿਥਿਹਾਸਕ ਮੇਲੇ ਵੀ ਲੱਗਦੇ ਹਨ।ਇਨ੍ਹਾਂ ਵਿੱਚੋਂ ਦੁਸਹਿਰਾ ਅਤੇ ਦੀਵਾਲੀ ਪ੍ਰਸਿੱਧ ਹਨ। ਦੀਵਾਲੀ ਵਾਲੇ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਆਏ ਸਨ। ਜਨਤਾ ਨੇ ਉਨ੍ਹਾਂ ਦੇ ਸੁਆਗਤ ਵਜੋਂ ਦੀਪ-ਮਾਲਾ ਬੀਤੀ ਸੀ। ਇਹ ਰਵਾਇਤ ਹਾਲਾਂ ਤੱਕ ਚਲ ਰਹੀ ਹੈ। ਇਸ ਦਿਨ ਲੋਕੀਂ ਘਰਾਂ ਦੀ ਚੰਗੀ ਤਰ੍ਹਾਂ ਸਫ਼ਾਈ ਵੀ ਕਰਦੇ ਹਨ। ਦੁਸਹਿਰਾ ਸ੍ਰੀ ਰਾਮ ਚੰਦਰ ਜੀਦੀਰਾਵਣ ਉੱਪਰ ਜਿੱਤ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ।ਇਹ ਮੇਲੇ ਨਿਰੇ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿੱਚ ਵੀ ਮਨਾਏ ਜਾਂਦੇ ਹਨ।

ਇਹ ਇੱਕ ਸੱਚਾਈ ਹੈ ਕਿ ਅਜੋਕੇ ਵਿਗਿਆਨਕ ਯੁਗ ਵਿੱਚ ਮਨੁੱਖ ਵਿਅਕਤੀਵਾਦੀ ਹੁੰਦਾ ਜਾ ਰਿਹਾ ਹੈ।ਉਹ ਕਿਸੇ ਹੋਰ ਨਾਲ, ਇਥੋਂ ਤੱਕ ਕਿ ਗੁਆਂਢੀ ਨਾਲ ਵੀ ਗੱਲ ਕਰਨਾ ਫ਼ਜ਼ਲ ਸਮਝਦਾ ਹੈ। ਇਹ ਰੁਚੀ ਸ਼ਹਿਰਾਂ ਵਿੱਚ ਵਧੇਰੇ ਹੈ।ਪਰ ਪਿੰਡਾਂ ਵਿੱਚ ਹਾਲਾਂ ਵੀ ਪੁਰਾਣੀ ਰੰਗੀਨੀ ਹੈ।ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਮੇਲਿਆਂ ਵਿੱਚ ਜਾਨ ਪੇਂਡੂਆਂ ਕਰ ਕੇ ਹੀ ਹੈ।ਜੇ ਵਿਅਕਤੀਵਾਦ ਨੇ ਪੇਂਡੂ ਜੀਵਨ ਵਿੱਚ ਵੀ ਪ੍ਰਵੇਸ਼ ਕਰ ਲਿਆ ਤਾਂ ਮੇਲੇ ਨਾਂ ਨੂੰ ਹੀ ਰਹਿ ਜਾਣਗੇ। ਇਸ ਲਈ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਮੇਲਿਆਂ ਦੀ ਰੂਹ ਨੂੰ ਜਿਉਂਦਾ ਰੱਖਣ ਲਈ ਨਵੀਆਂ ਸੇਧਾਂ ਸਥਾਪਤ ਕਰੀਏ। ਜੇ ਕੋਈ ਸ਼ਹਿਰੀ ਵਿਸਾਖੀ ਨੂੰ ਰੁੱਤ-ਬਦਲੀ ਕਰਕੇ ਮਨਾਉਣਾ ਫ਼ਜ਼ਲ ਸਮਝਦਾ ਹੈ ਤਾਂ ਉਹ ਇਸ ਲਈ ਮਨਾਉਣ ਵਿੱਚ ਉਤਸਕ ਹੋਏ ਜਿਸ ਦਿਨ ਗੁਰ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜਿਆ ਜਾਂ ਜਲਿਆਂ ਵਾਲਾ ਬਾਗ ਵਿੱਚ ਦੀਆਂ ਨੇ ਕੁਰਬਾਨੀਆਂ ਦਿੱਤੀਆਂ। ਇਵੇਂ ਹੋਰਨਾਂ ਮੇਲਿਆਂ ਲਈ ਸੇਧਾਂ ਮਿੱਥੀਆਂ ਜਾ ਸਕਦੀਆਂ ਹਨ।

ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਪੰਜਾਬ ਵਿੱਚ ਮੇਲਿਆਂ ਦੀ ਵਿਸ਼ੇਸ਼ ਮਹੱਤਤਾ ਹੈ।ਇਹ ਮੇਲੇ ਹੀ ਪੰਜਾਬੀ ਜੀਵਨ ਨੂੰ ਰੰਗੀਨੀ ਪ੍ਰਦਾਨ ਕਰਦੇ ਹਨ। ਪੰਜਾਬੀ ਭਾਵੇਂ ਵਪਾਰ ਕਰ ਰਿਹਾ ਹੋਏ, ਭਾਵੇਂ ਸੰਤਮਹਾਤਮਾ ਦੀ ਪੂਜਾ, ਨਵੀਂ ਰੁੱਤ ਦਾ ਸੁਆਗਤ, ਉਹ ਸਦਾ ਖੁਸ਼ੀ ਵਿੱਚ ਨੱਚਦਾ-ਗਾਉਂਦਾ ਹੈ।ਉਸ ਦਾ ਜੀਵਨ-ਆਦਰਸ਼ ਹੀ ਇਹ ਹੈ:

ਦੋ ਦਿਨ ਘਟ ਜੀਊਣਾ

ਪਰ ਜੀਉਣਾ ਮਟਕ ਦੇ ਨਾਲ।

Leave a Reply

This site uses Akismet to reduce spam. Learn how your comment data is processed.